7ਨਾਲੇ, ਉਸ ਸ਼ਹਿਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਲ ਕਰੋ ਜਿਸ ਵਿੱਚ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਹਾਂ। ਇਸ ਦੇ ਲਈ ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇ ਇਹ ਖੁਸ਼ਹਾਲ ਹੁੰਦਾ ਹੈ, ਤਾਂ ਤੁਸੀਂ ਵੀ ਖੁਸ਼ਹਾਲ ਹੋਵੋਗੇ।”
8ਕਿਉਂ ਜੋ ਇਸਰਾਏਲ ਦਾ ਯਾਹਵੇਹ ਸਰਬਸ਼ਕਤੀਮਾਨ, ਪਰਮੇਸ਼ਵਰ ਆਖਦਾ ਹੈ: “ਸਾਵਧਾਨ ਰਹੋ ਕਿ ਤੁਸੀਂ ਨਬੀਆਂ ਅਤੇ ਪ੍ਰਚਾਰਕਾਂ ਦੁਆਰਾ ਧੋਖਾ ਨਾ ਖਾਓ ਜੋ ਤੁਹਾਡੇ ਵਿੱਚ ਹਨ ਅਤੇ ਉਨ੍ਹਾਂ ਸੁਪਨਿਆਂ ਵੱਲ ਵੀ ਧਿਆਨ ਨਾ ਦਿਓ ਜਿਨ੍ਹਾਂ ਦਾ ਉਹ ਜ਼ਿਕਰ ਕਰਦਾ ਹੈ।
9ਉਹ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ। ਮੈਂ ਉਹਨਾਂ ਨੂੰ ਨਹੀਂ ਭੇਜਿਆ,” ਯਾਹਵੇਹ ਆਖਦਾ ਹੈ।
10ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਜਦੋਂ ਬਾਬੇਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ, ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਇਸ ਸਥਾਨ ਤੇ ਵਾਪਸ ਲਿਆਉਣ ਦਾ ਆਪਣਾ ਚੰਗਾ ਵਾਅਦਾ ਪੂਰਾ ਕਰਾਂਗਾ।
11ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ,” ਯਾਹਵੇਹ ਦਾ ਵਾਕ ਹੈ, “ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।