32ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ, ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ ਸੀ, ਕਿਉਂਕਿ ਉਹਨਾਂ ਨੇ ਮੇਰਾ ਨੇਮ ਤੋੜਿਆ ਸੀ, ਭਾਵੇਂ ਕਿ ਮੈਂ ਉਹਨਾਂ ਦੇ ਪਤੀ ਵਰਗਾ ਸੀ।” ਯਾਹਵੇਹ ਦਾ ਵਾਕ ਹੈ।
33“ਇਹ ਉਹ ਨੇਮ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।
34ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ, ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਯਾਹਵੇਹ ਨੂੰ ਜਾਣੋ,’ ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ, ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ,” ਯਾਹਵੇਹ ਦਾ ਵਾਕ ਹੈ। “ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”
35ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜੋ ਸੂਰਜ ਨੂੰ ਦਿਨ ਵਿੱਚ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਸਮੁੰਦਰ ਨੂੰ ਭੜਕਾਉਂਦਾ ਹੈ ਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ, ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:
36“ਜੇਕਰ ਇਹ ਫ਼ਰਮਾਨ ਮੇਰੀ ਨਜ਼ਰ ਤੋਂ ਅਲੋਪ ਹੋ ਜਾਂਦੇ ਹਨ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਕਦੇ ਵੀ ਮੇਰੇ ਤੋਂ ਪਹਿਲਾਂ ਇੱਕ ਕੌਮ ਬਣਨਾ ਬੰਦ ਕਰ ਦੇਵੇਗਾ।”