1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ ਵਿੱਚ, ਯਿਰਮਿਯਾਹ ਨੂੰ ਇਹ ਬਚਨ ਯਾਹਵੇਹ ਵੱਲੋਂ ਆਇਆ:
2“ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ।
3ਸ਼ਾਇਦ ਜਦੋਂ ਯਹੂਦਾਹ ਦੇ ਲੋਕ ਉਸ ਸਾਰੀ ਬਿਪਤਾ ਬਾਰੇ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ।”
4ਇਸ ਲਈ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਜਦੋਂ ਯਿਰਮਿਯਾਹ ਨੇ ਉਹ ਸਾਰੇ ਸ਼ਬਦ ਬੋਲੇ ਜੋ ਯਾਹਵੇਹ ਨੇ ਉਸ ਨਾਲ ਬੋਲੇ ਸਨ, ਬਾਰੂਕ ਨੇ ਉਹਨਾਂ ਨੂੰ ਲਪੇਟਵੀਂ ਪੱਤਰੀ ਵਿੱਚ ਲਿਖਿਆ।
5ਤਦ ਯਿਰਮਿਯਾਹ ਨੇ ਬਾਰੂਕ ਨੂੰ ਕਿਹਾ, “ਮੈਂ ਰੋਕਿਆ ਗਿਆ ਹਾਂ; ਮੈਨੂੰ ਯਾਹਵੇਹ ਦੇ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।