3ਇਸਮਾਏਲ ਨੇ ਯਹੂਦਾਹ ਦੇ ਉਹਨਾਂ ਸਾਰੇ ਆਦਮੀਆਂ ਨੂੰ ਵੀ ਮਾਰ ਦਿੱਤਾ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਨਾਲ ਹੀ ਬਾਬੇਲ ਦੇ ਸਿਪਾਹੀਆਂ ਨੂੰ ਵੀ ਮਾਰ ਦਿੱਤਾ ਜੋ ਉੱਥੇ ਸਨ।
4ਗਦਲਯਾਹ ਦੇ ਕਤਲ ਦੇ ਅਗਲੇ ਦਿਨ, ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਵੇ,
5ਅੱਸੀ ਮਨੁੱਖ ਜਿਨ੍ਹਾਂ ਨੇ ਆਪਣੀਆਂ ਦਾੜ੍ਹੀਆਂ ਮੁੰਨਾਈਆਂ ਸਨ, ਆਪਣੇ ਕੱਪੜੇ ਪਾੜੇ ਅਤੇ ਆਪਣੇ ਆਪ ਨੂੰ ਵੱਢ ਲਿਆ ਸੀ, ਸ਼ੇਕੇਮ, ਸ਼ੀਲੋਹ ਅਤੇ ਸਾਮਰਿਯਾ ਤੋਂ ਆਪਣੇ ਨਾਲ ਅਨਾਜ਼ ਦੀਆਂ ਭੇਟਾਂ ਅਤੇ ਧੂਪ ਲੈ ਕੇ ਯਾਹਵੇਹ ਦੇ ਘਰ ਆਏ।
6ਨਥਾਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਗਿਆ, ਜਦੋਂ ਉਹ ਰੋਂਦਾ ਹੋਇਆ ਗਿਆ। ਜਦੋਂ ਉਹ ਉਹਨਾਂ ਨੂੰ ਮਿਲਿਆ, ਉਸਨੇ ਕਿਹਾ, “ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ।”
7ਜਦੋਂ ਉਹ ਸ਼ਹਿਰ ਵਿੱਚ ਗਏ ਤਾਂ ਨਥਾਨਯਾਹ ਦੇ ਪੁੱਤਰ ਇਸਮਾਏਲ ਅਤੇ ਉਸਦੇ ਨਾਲ ਦੇ ਆਦਮੀਆਂ ਨੇ ਉਹਨਾਂ ਨੂੰ ਵੱਢ ਕੇ ਇੱਕ ਟੋਏ ਵਿੱਚ ਸੁੱਟ ਦਿੱਤਾ।