7ਬਾਬੇਲ ਯਾਹਵੇਹ ਦੇ ਹੱਥ ਵਿੱਚ ਇੱਕ ਸੋਨੇ ਦਾ ਪਿਆਲਾ ਸੀ; ਉਸ ਨੇ ਸਾਰੀ ਧਰਤੀ ਨੂੰ ਮਸਤ ਕਰ ਦਿੱਤਾ। ਕੌਮਾਂ ਨੇ ਉਹ ਦੀ ਦਾਖ਼ਰਸ ਪੀਤੀ। ਇਸ ਲਈ ਉਹ ਹੁਣ ਪਾਗਲ ਹਨ।
8ਬਾਬੇਲ ਅਚਾਨਕ ਡਿੱਗ ਜਾਵੇਗਾ ਅਤੇ ਟੁੱਟ ਜਾਵੇਗਾ। ਉਸ ਲਈ ਰੋਵੋ! ਉਸ ਦੇ ਦਰਦ ਲਈ ਮਲ੍ਹਮ ਲਓ; ਸ਼ਾਇਦ ਉਹ ਠੀਕ ਹੋ ਜਾਵੇ।
9“ ‘ਅਸੀਂ ਬਾਬੇਲ ਨੂੰ ਚੰਗਾ ਕਰ ਦਿੰਦੇ, ਪਰ ਉਹ ਚੰਗੀ ਨਹੀਂ ਹੋ ਸਕਦੀ; ਆਓ ਅਸੀਂ ਉਸ ਨੂੰ ਛੱਡ ਦੇਈਏ ਅਤੇ ਹਰ ਇੱਕ ਆਪੋ-ਆਪਣੀ ਧਰਤੀ ਨੂੰ ਚੱਲੀਏ, ਕਿਉਂਕਿ ਉਹ ਦਾ ਨਿਆਂ ਅਕਾਸ਼ ਤੱਕ ਪਹੁੰਚਦਾ ਹੈ, ਇਹ ਅਕਾਸ਼ ਵਾਂਙੁ ਉੱਚਾ ਉੱਠਦਾ ਹੈ।’
10“ ‘ਯਾਹਵੇਹ ਨੇ ਸਾਨੂੰ ਸਹੀ ਠਹਿਰਾਇਆ ਹੈ; ਆਓ, ਅਸੀਂ ਸੀਯੋਨ ਵਿੱਚ ਦੱਸੀਏ ਸਾਡੇ ਪਰਮੇਸ਼ਵਰ ਨੇ ਕੀ ਕੀਤਾ ਹੈ।’
11“ਤੀਰਾਂ ਨੂੰ ਤਿੱਖਾ ਕਰੋ, ਢਾਲ ਚੁੱਕੋ! ਯਾਹਵੇਹ ਨੇ ਮਾਦੀਆਂ ਦੇ ਰਾਜਿਆਂ ਨੂੰ ਭੜਕਾਇਆ ਹੈ, ਕਿਉਂਕਿ ਉਸਦਾ ਮਕਸਦ ਬਾਬੇਲ ਨੂੰ ਤਬਾਹ ਕਰਨਾ ਹੈ। ਯਾਹਵੇਹ ਬਦਲਾ ਲਵੇਗਾ, ਆਪਣੀ ਹੈਕਲ ਦਾ ਬਦਲਾ ਲਵੇਗਾ।