2“ਯਾਹਵੇਹ ਦੇ ਘਰ ਦੇ ਦਰਵਾਜ਼ੇ ਤੇ ਖੜਾ ਹੋ ਅਤੇ ਉੱਥੇ ਇਹ ਸੰਦੇਸ਼ ਸੁਣਾ: “ ‘ਤੁਸੀਂ ਸਾਰੇ ਜਿਹੜੇ ਯਹੂਦਾਹ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ, ਜੋ ਯਾਹਵੇਹ ਦੀ ਉਪਾਸਨਾ ਕਰਨ ਲਈ ਇਹਨਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹੋ।
3ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਆਪਣੇ ਰਾਹਾਂ ਅਤੇ ਕੰਮਾਂ ਨੂੰ ਸੁਧਾਰੋ, ਅਤੇ ਮੈਂ ਤੁਹਾਨੂੰ ਇਸ ਥਾਂ ਵਿੱਚ ਰਹਿਣ ਦਿਆਂਗਾ।
4ਧੋਖੇਬਾਜ਼ ਸ਼ਬਦਾਂ ਤੇ ਭਰੋਸਾ ਨਾ ਕਰੋ ਅਤੇ ਨਾ ਆਖੋ, “ਕਿ ਇਹ ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ!”
5ਜੇ ਤੁਸੀਂ ਸੱਚਮੁੱਚ ਆਪਣੇ ਚਾਲ-ਚਲਣ ਅਤੇ ਆਪਣੇ ਕੰਮ ਬਦਲਦੇ ਹੋ ਅਤੇ ਇੱਕ-ਦੂਜੇ ਨਾਲ ਨਿਆਂ ਕਰਦੇ ਹੋ,
6ਜੇ ਤੁਸੀਂ ਪਰਦੇਸੀਆਂ, ਯਤੀਮਾਂ ਜਾਂ ਵਿਧਵਾਵਾਂ ਉੱਤੇ ਜ਼ੁਲਮ ਨਾ ਕਰੋ ਅਤੇ ਇਸ ਸਥਾਨ ਵਿੱਚ ਨਿਰਦੋਸ਼ਾਂ ਦਾ ਖੂਨ ਨਾ ਵਹਾਓ ਅਤੇ ਨਾ ਤੁਸੀਂ ਦੂਸਰਿਆਂ ਦੇਵਤਿਆਂ ਦੀ ਪਾਲਣਾ ਕਰੋ, ਜੋ ਤੁਹਾਡੀ ਆਪਣੀ ਤਬਾਹੀ ਦਾ ਕਾਰਨ ਹਨ।