1ਕਾਸ਼ ਮੇਰਾ ਸਿਰ ਪਾਣੀ ਹੁੰਦਾ ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦਾ! ਮੈਂ ਆਪਣੇ ਲੋਕਾਂ ਦੇ ਮਾਰੇ ਜਾਣ ਤੇ ਦਿਨ ਅਤੇ ਰਾਤ ਰੋਂਦਾ।
2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ, ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਉਹਨਾਂ ਤੋਂ ਦੂਰ ਚਲਾ ਜਾਵਾਂ; ਕਿਉਂ ਜੋ ਉਹ ਸਾਰੇ ਵਿਭਚਾਰੀ ਹਨ, ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।
3“ਉਹ ਆਪਣੀ ਜੀਭ ਨੂੰ ਝੂਠ ਬੋਲਣ ਲਈ; ਕਮਾਨ ਵਾਂਗ ਤਿਆਰ ਕਰਦੇ ਹਨ, ਉਹ ਦੇਸ਼ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਉਹ ਇੱਕ ਪਾਪ ਤੋਂ ਦੂਜੇ ਪਾਪ ਵਿੱਚ ਜਾਂਦੇ ਹਨ; ਉਹ ਮੈਨੂੰ ਨਹੀਂ ਜਾਣਦੇ,” ਯਾਹਵੇਹ ਦਾ ਵਾਕ ਹੈ।