10ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ; ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ। ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨ ਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।
11ਯਾਹਵੇਹ ਆਖਦਾ ਹੈ, “ਨਬੀ ਅਤੇ ਪੁਜਾਰੀ ਦੋਵੇਂ ਅਧਰਮੀ ਹਨ; ਮੈਂ ਆਪਣੇ ਮੰਦਰ ਵਿੱਚ ਵੀ ਉਹਨਾਂ ਦੀ ਬੁਰਾਈ ਵੇਖਦਾ ਹਾਂ।”
12“ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਹਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਾਹਵੇਹ ਦਾ ਵਾਕ ਹੈ।”
13“ਸਾਮਰਿਯਾ ਦੇ ਨਬੀਆਂ ਵਿੱਚ ਮੈਂ ਇਹ ਘਿਣਾਉਣੀ ਚੀਜ਼ ਵੇਖੀ: ਉਹਨਾਂ ਨੇ ਬਆਲ ਦੁਆਰਾ ਭਵਿੱਖਬਾਣੀ ਕੀਤੀ ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾ ਦਿੱਤਾ।
14ਯੇਰੂਸ਼ਲੇਮ ਦੇ ਨਬੀਆਂ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ ਹੈ: ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ। ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ, ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ। ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ; ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।”