18“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ: ‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।
19ਮੇਰੇ ਭਟਕਣ ਤੋਂ ਬਾਅਦ, ਮੈਂ ਤੋਬਾ ਕੀਤੀ; ਜਦੋਂ ਮੈਨੂੰ ਸਮਝ ਆਇਆ, ਮੈਂ ਆਪਣੀ ਛਾਤੀ ਨੂੰ ਕੁੱਟਿਆ। ਮੈਂ ਸ਼ਰਮਿੰਦਾ ਅਤੇ ਬੇਇੱਜ਼ਤ ਹੋਇਆ ਕਿਉਂਕਿ ਮੈਂ ਆਪਣੀ ਜਵਾਨੀ ਦੀ ਬਦਨਾਮੀ ਝੱਲੀ।’
20ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ, ਉਹ ਬਾਲਕ ਜਿਸ ਵਿੱਚ ਮੈਂ ਪ੍ਰਸੰਨ ਹਾਂ? ਭਾਵੇਂ ਮੈਂ ਅਕਸਰ ਉਸ ਦੇ ਵਿਰੁੱਧ ਬੋਲਦਾ ਹਾਂ, ਤਾਂ ਵੀ ਮੈਂ ਉਸਨੂੰ ਯਾਦ ਰੱਖਦਾ। ਇਸ ਲਈ ਮੇਰਾ ਦਿਲ ਉਸ ਲਈ ਤਰਸਦਾ ਹੈ; ਮੈਨੂੰ ਉਸ ਲਈ ਬਹੁਤ ਹਮਦਰਦੀ ਹੈ,” ਯਾਹਵੇਹ ਦਾ ਵਾਕ ਹੈ।
21“ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀ ਕੁਆਰੀ ਧੀਏ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਵਾਪਸ ਮੁੜ ਆ।
22ਬੇਵਫ਼ਾ ਧੀ ਇਸਰਾਏਲ, ਤੂੰ ਕਦ ਤੱਕ ਭਟਕੇਂਗੀ? ਯਾਹਵੇਹ ਧਰਤੀ ਉੱਤੇ ਇੱਕ ਨਵੀਂ ਚੀਜ਼ ਪੈਦਾ ਕਰੇਗਾ, ਔਰਤ ਆਦਮੀ ਦੇ ਕੋਲ ਵਾਪਸ ਆ ਜਾਵੇਗੀ।”