4ਯਾਹਵੇਹ ਦੇ ਅੱਗੇ ਆਪਣੀ ਸੁੰਨਤ ਕਰੋ, ਆਪਣੇ ਦਿਲਾਂ ਦੀ ਸੁੰਨਤ ਕਰੋ, ਹੇ ਯਹੂਦਾਹ ਦੇ ਲੋਕੋ ਅਤੇ ਯੇਰੂਸ਼ਲੇਮ ਦੇ ਵਾਸੀਓ, ਕਿਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।
5“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ: ‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’ ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ: ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!
6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ! ਬਿਨਾਂ ਦੇਰੀ ਸੁਰੱਖਿਆ ਲਈ ਭੱਜੋ! ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ।”
7ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ; ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।
8ਇਸ ਲਈ ਤੱਪੜ ਪਾਓ, ਰੋਵੋ ਅਤੇ ਵਿਰਲਾਪ ਕਰੋ, ਕਿਉਂ ਜੋ ਯਾਹਵੇਹ ਦਾ ਭਿਆਨਕ ਕ੍ਰੋਧ ਸਾਡੇ ਕੋਲੋਂ ਨਹੀਂ ਹਟਿਆ ਹੈ।