16ਉਹਨਾਂ ਦੇ ਤਰਕਸ਼ ਖੁੱਲ੍ਹੀ ਕਬਰ ਵਾਂਗ ਹਨ; ਇਹ ਸਾਰੇ ਸੂਰਬੀਰ ਯੋਧੇ ਹਨ।
17ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ, ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ। ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ, ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ, ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।
18“ਫਿਰ ਵੀ ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
19ਅਤੇ ਜਦੋਂ ਉਹ ਲੋਕ ਪੁੱਛਣਗੇ, ‘ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਡੇ ਨਾਲ ਇਹ ਸਭ ਕਿਉਂ ਕੀਤਾ ਹੈ?’ ਤਾਂ ਤੁਸੀਂ ਉਹਨਾਂ ਨੂੰ ਆਖੋਗੇ, ‘ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ਼ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ਼ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ।’
20“ਯਾਕੋਬ ਦੇ ਸੰਤਾਨ ਨੂੰ ਇਹ ਸੁਣਾਓ ਅਤੇ ਯਹੂਦਾਹ ਵਿੱਚ ਇਹ ਪਰਚਾਰ ਕਰੋ: