8ਇਸ ਲਈ ਯਾਹਵੇਹ ਦਾ ਕ੍ਰੋਧ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਅਤੇ ਉਹਨਾਂ ਨੂੰ ਹੌਲ, ਹੈਰਾਨੀ ਅਤੇ ਧਿੱਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ।
9ਇਹੀ ਕਾਰਨ ਹੈ ਕਿ ਸਾਡੇ ਪਿਉ ਤਲਵਾਰ ਨਾਲ ਮਾਰੇ ਗਏ ਹਨ ਅਤੇ ਕਿਉਂ ਸਾਡੇ ਪੁੱਤਰ ਅਤੇ ਧੀਆਂ ਅਤੇ ਸਾਡੀਆਂ ਪਤਨੀਆਂ ਕੈਦ ਵਿੱਚ ਹਨ।
10ਹੁਣ ਮੈਂ ਇਸਰਾਏਲ ਦੇ ਪਰਮੇਸ਼ਵਰ ਨਾਲ ਨੇਮ ਬੰਨ੍ਹਣ ਦਾ ਇਰਾਦਾ ਰੱਖਦਾ ਹਾਂ, ਤਾਂ ਜੋ ਉਸ ਦਾ ਭਿਆਨਕ ਕ੍ਰੋਧ ਸਾਡੇ ਤੋਂ ਹਟ ਜਾਵੇ।
11ਮੇਰੇ ਪੁੱਤਰੋ, ਹੁਣ ਲਾਪਰਵਾਹ ਨਾ ਹੋਵੋ, ਕਿਉਂਕਿ ਯਾਹਵੇਹ ਨੇ ਤੁਹਾਨੂੰ ਉਸ ਦੇ ਅੱਗੇ ਖੜ੍ਹੇ ਹੋਣ, ਉਸ ਦੀ ਸੇਵਾ ਕਰਨ, ਉਸ ਦੇ ਸੇਵਾਦਾਰ ਬਣਨ ਲਈ ਅਤੇ ਧੂਪ ਧੁਖਾਉਣ ਲਈ ਚੁਣਿਆ ਹੈ।”
12ਤਦ ਇਹ ਲੇਵੀ ਕੰਮ ਕਰਨ ਲੱਗੇ: ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;