2ਅਤੇ ਜੇਕਰ ਉਹ ਤੁਹਾਨੂੰ ਪੁੱਛਣ, ‘ਅਸੀਂ ਕਿੱਥੇ ਜਾਵਾਂਗੇ?’ ਤਾਂ ਉਹਨਾਂ ਨੂੰ ਦੱਸੋ, ‘ਯਾਹਵੇਹ ਇਹ ਆਖਦਾ ਹੈ: “ ‘ਜਿਹੜੇ ਮੌਤ ਦੇ ਲਈ, ਉਹ ਮੌਤ ਵੱਲ; ਜਿਹੜੇ ਤਲਵਾਰ ਲਈ, ਉਹ ਤਲਵਾਰ ਵੱਲ; ਜਿਹੜੇ ਕਾਲ ਲਈ, ਉਹ ਕਾਲ ਵੱਲ; ਜਿਹੜੇ ਗ਼ੁਲਾਮੀ ਲਈ, ਉਹ ਗ਼ੁਲਾਮੀ ਵੱਲ।’ ”
3ਯਾਹਵੇਹ ਇਹ ਆਖਦਾ ਹੈ, “ਮੈਂ ਉਹਨਾਂ ਦੇ ਵਿਰੁੱਧ ਚਾਰ ਤਰ੍ਹਾਂ ਦੀਆਂ ਵਸਤੂਆਂ ਨੂੰ ਠਹਿਰਾਵਾਂਗਾ, ਮਾਰਨ ਲਈ ਤਲਵਾਰ, ਕੁੱਤਿਆਂ ਨੂੰ ਪਾੜਨ ਲਈ ਅਤੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਨਿਗਲਣ ਅਤੇ ਤਬਾਹ ਕਰਨ ਲਈ।
4ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਪੁੱਤਰ ਮਨੱਸ਼ੇਹ ਨੇ ਜੋ ਯੇਰੂਸ਼ਲੇਮ ਵਿੱਚ ਕੀਤਾ, ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ।
5“ਯੇਰੂਸ਼ਲੇਮ, ਤੇਰੇ ਉੱਤੇ ਕੌਣ ਤਰਸ ਕਰੇਗਾ? ਤੇਰੇ ਲਈ ਕੌਣ ਸੋਗ ਕਰੇਗਾ? ਇਹ ਪੁੱਛਣ ਲਈ ਕੌਣ ਰੁਕੇਗਾ ਕਿ ਤੂੰ ਕਿਵੇਂ ਹੈ?
6ਤੁਸੀਂ ਮੈਨੂੰ ਰੱਦ ਕਰ ਦਿੱਤਾ ਹੈ,” ਯਾਹਵੇਹ ਇਹ ਆਖਦਾ ਹੈ। “ਤੁਸੀਂ ਪਿੱਛੇ ਮੁੱੜ ਜਾਂਦੇ ਹੋ। ਮੈਂ ਤੁਹਾਡੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ ਕਰ ਦਿਆਂਗਾ। ਮੈਂ ਤੁਹਾਨੂੰ ਮਾਫ ਕਰ ਕੇ ਥੱਕ ਗਿਆ ਹਾਂ।