3ਯਾਹਵੇਹ ਸਾਨੂੰ ਪਿਛਲੇ ਦਿਨਾਂ ਵਿੱਚ ਪ੍ਰਗਟ ਹੋਇਆ, ਅਤੇ ਕਹਿੰਦਾ: “ਮੈਂ ਤੁਹਾਨੂੰ ਇੱਕ ਸਦੀਵੀ ਪਿਆਰ ਨਾਲ ਪਿਆਰ ਕੀਤਾ ਹੈ; ਮੈਂ ਤੈਨੂੰ ਅਟੱਲ ਦਯਾ ਨਾਲ ਖਿੱਚਿਆ ਹੈ।
4ਮੈਂ ਤੈਨੂੰ ਦੁਬਾਰਾ ਬਣਾਵਾਂਗਾ, ਅਤੇ ਤੂੰ, ਕੁਆਰੀ ਇਸਰਾਏਲ, ਮੁੜ ਬਣਾਈ ਜਾਵੇਗੀ। ਤੂੰ ਆਪਣੀਆਂ ਖੰਜ਼ਰੀਆਂ ਨਾਲ ਫਿਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨੱਚਣ ਲਈ ਬਾਹਰ ਨਿੱਕਲੇਂਗੀ।
5ਫਿਰ ਤੁਸੀਂ ਸਾਮਰਿਯਾ ਦੀਆਂ ਪਹਾੜੀਆਂ ਉੱਤੇ ਅੰਗੂਰੀ ਬਾਗ ਲਗਾਓਗੇ। ਕਿਸਾਨ ਉਹਨਾਂ ਨੂੰ ਲਾਉਣਗੇ ਅਤੇ ਉਹਨਾਂ ਦੇ ਫਲ ਦਾ ਆਨੰਦ ਲੈਣਗੇ।
6ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ, ‘ਆਓ, ਅਸੀਂ ਸੀਯੋਨ ਵੱਲ ਚੱਲੀਏ, ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”
7ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਯਾਕੋਬ ਦੇ ਲਈ ਖੁਸ਼ੀ ਨਾਲ ਗਾਓ; ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ। ਆਪਣੀ ਉਸਤਤ ਸੁਣਾਓ, ਅਤੇ ਆਖੋ, ‘ਯਾਹਵੇਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’