15ਹਰ ਪਾਸੇ ਉਸ ਦੇ ਖਿਲਾਫ ਰੌਲਾ ਪਾਓ! ਉਹ ਆਤਮ ਸਮਰਪਣ ਕਰ ਦਿੰਦੀ ਹੈ, ਉਸ ਦੇ ਬੁਰਜ ਡਿੱਗ ਜਾਂਦੇ ਹਨ, ਉਸ ਦੀਆਂ ਕੰਧਾਂ ਢਹਿ ਜਾਂਦੀਆਂ ਹਨ। ਕਿਉਂਕਿ ਇਹ ਯਾਹਵੇਹ ਦਾ ਬਦਲਾ ਹੈ, ਉਸ ਤੋਂ ਬਦਲਾ ਲਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਦੂਜਿਆਂ ਨਾਲ ਕੀਤਾ ਹੈ।
16ਬਾਬੇਲ ਤੋਂ ਬੀਜਣ ਵਾਲੇ ਨੂੰ ਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ। ਜ਼ਾਲਮ ਦੀ ਤਲਵਾਰ ਦੇ ਕਾਰਨ ਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ, ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।
17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਸਨੂੰ ਸ਼ੇਰਾਂ ਨੇ ਭਜਾਇਆ ਹੈ। ਪਹਿਲਾਂ ਉਸ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀ ਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”
18ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।
19ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ, ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ। ਉਹਨਾਂ ਦੀ ਭੁੱਖ ਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।